Monday, December 23, 2024
Google search engine
Homeपंजाबਪੰਜਾਬ ਸਰਕਾਰ ਨੇ ਟੀਬੀ ਨੂੰ ਖਤਮ ਕਰਨ ਲਈ ਯਤਨ ਤੇਜ਼ ਕੀਤੇ, ਨਵਾਂ...

ਪੰਜਾਬ ਸਰਕਾਰ ਨੇ ਟੀਬੀ ਨੂੰ ਖਤਮ ਕਰਨ ਲਈ ਯਤਨ ਤੇਜ਼ ਕੀਤੇ, ਨਵਾਂ ਡਾਇਗਨੌਸਟਿਕ ਪ੍ਰੋਗਰਾਮ ਕੀਤਾ ਸ਼ੁਰੂ

ਚੰਡੀਗੜ੍ਹ: 21 ਦਸੰਬਰ, 2023: ਪੰਜਾਬ ਵਿੱਚੋਂ ਟੀਬੀ ਨੂੰ ਜੜ੍ਹੋਂ ਖਤਮ ਕਰਨ ਦੇ ਮੰਤਵ ਨਾਲ ਅੱਜ ਇੱਥੇ ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ਼ ਪਬਲਿਕ ਐਡਮਿਨਿਸਟ੍ਰੇਸ਼ਨ ਵਿਖੇ ਸਕੱਤਰ ਸਿਹਤ ਕਮ ਮਿਸ਼ਨ ਡਾਇਰੈਕਟਰ ਐਨ.ਐਚ.ਐਮ ਡਾ. ਅਭਿਨਵ ਤ੍ਰਿਖਾ ਦੀ ਪ੍ਰਧਾਨਗੀ ਹੇਠ ਰਾਜ ਪੱਧਰੀ ਸਿਖਲਾਈ ਅਤੇ ਸਮੀਖਿਆ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਪੰਜਾਬ ਦੇ ਸਮੂਹ ਜ਼ਿਲ੍ਹਾ ਟੀ.ਬੀ. ਅਧਿਕਾਰੀ ਹਾਜ਼ਰ ਸਨ।  ਇਸ ਮੌਕੇ ‘ਤੇ ਡਾ. ਅਭਿਨਵ ਤ੍ਰਿਖਾ ਦੁਆਰਾ ਡਿਫਰੈਂਸ਼ੀਅਲ ਕੇਅਰ ਐਂਡ ਮੈਨੇਜਮੈਂਟ (ਡੀਸੀਐਮ) ਅਤੇ ਪੋਸਟ ਟ੍ਰੀਟਮੈਂਟ ਫਾਲੋ ਅੱਪ (ਪੀਟੀਐਫਯੂ) ਨਾਮਕ ਇੱਕ ਨਵੀਂ ਪਹਿਲ ਵੀ ਲਾਂਚ ਕੀਤੀ ਗਈ।

ਟੀਬੀ ਦੇ ਖਾਤਮੇ ਵੱਲ ਇੱਕ ਵੱਡੇ ਕਦਮ ਦਾ ਐਲਾਨ ਕਰਦਿਆਂ ਡਾ. ਤ੍ਰਿਖਾ ਨੇ ਕਿਹਾ ਕਿ ਪੰਜਾਬ ਜਲਦੀ ਹੀ ਪੰਜਾਬ ਦੇ 11 ਜ਼ਿਲ੍ਹਿਆਂ ਵਿੱਚ ਬਾਲਗ ਬੀਸੀਜੀ ਵੈਕਸੀਨ ਦੀ ਸ਼ੁਰੂਆਤ ਕਰੇਗਾ।  ਲਾਭਪਾਤਰੀਆਂ ਨੂੰ ਬੀ.ਸੀ.ਜੀ. ਵੈਕਸੀਨ ਦਿੱਤੀ ਜਾਵੇਗੀ ਅਤੇ ਫਿਰ ਇਹ ਮੁਲਾਂਕਣ ਕੀਤਾ ਜਾਵੇਗਾ ਕਿ ਕੀ ਟੀਬੀ ਦੀਆਂ ਘਟਨਾਵਾਂ ਘਟੀਆਂ ਹਨ ਜਾਂ ਨਹੀਂ ਅਤੇ ਜਿਨ੍ਹਾਂ ਜ਼ਿਲ੍ਹਿਆਂ ਵਿੱਚ ਬੀ.ਸੀ.ਜੀ. ਵੈਕਸੀਨ ਨਹੀਂ ਦਿੱਤੀ ਗਈ ਉਹਨਾਂ ਨਾਲ ਨਤੀਜਿਆਂ ਦੀ ਤੁਲਨਾ ਕੀਤੀ ਜਾਵੇਗੀ। ਤਿੰਨ ਸਾਲਾਂ ਦੀ ਮਿਆਦ ਲਈ ਤਿਮਾਹੀ ਤੌਰ ‘ਤੇ ਇਹ ਫਾਲੋ-ਅੱਪ ਕੀਤਾ ਜਾਵੇਗਾ।

ਇਸ ਮੌਕੇ ਬੋਲਦਿਆਂ ਡਾ. ਤ੍ਰਿਖਾ ਨੇ ਇਹ ਵੀ ਕਿਹਾ ਕਿ ਪੰਜਾਬ 2025 ਤੱਕ ਟੀਬੀ ਨੂੰ ਖ਼ਤਮ ਕਰਨ ਦੇ ਰਾਹ ‘ਤੇ ਹੈ ਅਤੇ ਇਸ ਦਿਸ਼ਾ ਵੱਲ ਇੱਕ ਕਦਮ ਵਜੋਂ ਅਸੀਂ ਇਹ ਦੋ ਨਵੀਆਂ ਪਹਿਲਕਦਮੀਆਂ ਡੀਸੀਐਮ ਅਤੇ ਪੀਟੀਐਫਯੂ ਸ਼ੁਰੂ ਕੀਤੀਆਂ ਹਨ, ਜਿਸ ਵਿੱਚ ਟੀਬੀ ਦੇ ਮਰੀਜ਼ਾਂ ਦੇ ਵਿਆਪਕ ਜਾਂਚ ਅਤੇ ਫਾਲੋ-ਅਪ ਸ਼ਾਮਲ ਹਨ।

ਨਵੇਂ ਸ਼ੁਰੂ ਕੀਤੇ ਪ੍ਰੋਗਰਾਮਾਂ ਬਾਰੇ ਹੋਰ ਜਾਣਕਾਰੀ ਦਿੰਦਿਆਂ ਡਾ. ਅਭਿਨਵ ਤ੍ਰਿਖਾ ਨੇ ਕਿਹਾ ਕਿ ਮਰੀਜ਼ਾਂ ਦੀ ਟ੍ਰਾਈਜਿੰਗ ਕੀਤੀ ਜਾਵੇਗੀ ਅਤੇ ਜਿਨ੍ਹਾਂ ਨੂੰ ਮੌਤ ਦਾ ਅਤੇ ਗੰਭੀਰ ਰੋਗੀ ਹੋਣ ਦਾ ਵਧੇਰੇ ਖ਼ਤਰਾ ਪਾਇਆ ਗਿਆ, ਉਨ੍ਹਾਂ ਦੇ 18 ਡਾਇਗਨੌਸਟਿਕ ਟੈਸਟ ਕੀਤੇ ਜਾਣਗੇ ਤਾਂ ਜੋ ਅਜਿਹੇ ਮਰੀਜ਼ ਨੂੰ ਹੋਣ ਵਾਲੀਆਂ ਹੋਰ ਬਿਮਾਰੀਆਂ ਦੀ ਜਲਦੀ ਪਛਾਣ ਕੀਤੀ ਜਾ ਸਕੇ ਅਤੇ ਮਾੜੇ ਨਤੀਜਿਆਂ ਨੂੰ ਰੋਕਿਆ ਜਾ ਸਕੇ। ਇੱਕ ਹੋਰ ਨਵੀਂ ਪਹਿਲਕਦਮੀ ਪੀ.ਟੀ.ਐਫ.ਯੂ. ਵਿੱਚ ਮਰੀਜ਼ ਦੇ ਠੀਕ ਹੋਣ ਤੋਂ ਬਾਅਦ 2 ਸਾਲਾਂ ਤੱਕ ਲੱਛਣ ਵਾਲੇ ਵਿਅਕਤੀਆਂ ਦਾ ਤਿਮਾਹੀ ਫਾਲੋ-ਅੱਪ, ਸਕ੍ਰੀਨਿੰਗ ਅਤੇ ਜਾਂਚ ਸ਼ਾਮਲ ਹੋਵੇਗੀ। ਇਹ ਟੀਬੀ ਦੇ ਫੇਰ ਤੋਂ ਹੋ ਜਾਣ ਦੇ ਖਤਰੇ ਦਾ ਨਿਦਾਨ ਕਰਨ ਵਿੱਚ ਮਦਦ ਕਰੇਗਾ।

ਇਸ ਟ੍ਰੇਨਿੰਗ-ਕਮ ਰੀਵਿਊ ਮੀਟਿੰਗ ਦੌਰਾਨ ਡਾਇਰੈਕਟਰ ਸਿਹਤ ਅਤੇ ਪਰਿਵਾਰ ਭਲਾਈ ਡਾ. ਆਦਰਸ਼ਪਾਲ ਕੌਰ ਨੇ ਟ੍ਰੇਨਿੰਗ ਭਾਗੀਦਾਰਾਂ ਤੋਂ ਫੀਡਬੈਕ ਲਿਆ ਅਤੇ ਉਨ੍ਹਾਂ ਵੱਲੋਂ ਉਠਾਏ ਗਏ ਮੁੱਦਿਆਂ ਨੂੰ ਜਲਦੀ ਹੱਲ ਕਰਨ ਦਾ ਭਰੋਸਾ ਦਿੱਤਾ।

ਪੰਜਾਬ ਵਿੱਚ ਟੀ.ਬੀ ਪ੍ਰੋਗਰਾਮ ਦੀਆਂ ਪ੍ਰਾਪਤੀਆਂ ਦੀ ਰੂਪ ਰੇਖਾ ਦੱਸਦਿਆਂ ਸਟੇਟ ਟੀ.ਬੀ ਅਫ਼ਸਰ ਡਾ. ਰਾਜੇਸ਼ ਭਾਸਕਰ ਨੇ ਦੱਸਿਆ ਕਿ ਜ਼ਿਲ੍ਹਾ ਗੁਰਦਾਸਪੁਰ ਨੂੰ ਭਾਰਤ ਸਰਕਾਰ ਵੱਲੋਂ ਟੀ.ਬੀ. ਦੀ ਬਿਮਾਰੀ ਹੋਣ ਦੀ ਦਰ ਵਿੱਚ 40% ਦੀ ਕਮੀ ਕਰਕੇ ਸਿਲਵਰ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਹੈ। ਇਸੇ ਤਰ੍ਹਾਂ ਪੰਜਾਬ ਦੇ 05 ਜ਼ਿਲ੍ਹਿਆਂ ਨੇ ਟੀਬੀ ਦੀ ਦਰ ਨੂੰ 20% ਘਟਾ ਕੇ ਕਾਂਸੀ ਦੇ ਤਗਮੇ ਦਾ ਦਰਜਾ ਬਰਕਰਾਰ ਰੱਖਿਆ ਹੈ। ਇਸ ਪ੍ਰਾਪਤੀ ਲਈ ਡੀ.ਟੀ.ਓ ਗੁਰਦਾਸਪੁਰ ਡਾ. ਰਮੇਸ਼ ਕੁਮਾਰ ਨੂੰ ਸਨਮਾਨਿਤ ਵੀ ਕੀਤਾ ਗਿਆ।

ਟ੍ਰੇਨਿੰਗ ਦੌਰਾਨ ਡਾ. ਵਸੁਧਾ ਚੌਧਰੀ ਐਮ.ਓ.- ਐਨ.ਟੀ.ਈ.ਪੀ., ਡਾ. ਕਿਰਨ ਛਾਬੜਾ ਨੋਡਲ ਅਫ਼ਸਰ ਟੀ.ਬੀ. ਕੋ-ਮੋਰਬੀਡੀਟੀਜ਼, ਡਬਲਯੂ.ਐਚ.ਓ ਸਲਾਹਕਾਰ ਡਾ. ਪੂਜਾ ਕਪੂਰ ਸਟੇਟ ਹੈੱਡ ਕੁਆਟਰ ਕੰਸਲਟੈਂਟ, ਡਾ. ਸਤੀਸ਼ ਮਾਂਝੀ, ਡਾ. ਦਿਵਯਾਂਸ਼ੂ ਸ਼ੁਕਲਾ ਸਮੇਤ ਸਟੇਟ ਟੀਬੀ ਸੈੱਲ ਸਟਾਫ਼ ਹਾਜ਼ਰ ਸਨ। ਵਰਡ ਹੈਲਥ ਪਾਰਟਨਰ, ਟੀਬੀ ਅਲਰਟ ਅਤੇ ਫਾਇੰਡ ਵਰਗੇ ਭਾਈਵਾਲ ਵੀ ਮੌਜੂਦ ਸਨ।

RELATED ARTICLES
- Advertisment -
Google search engine

Most Popular

Recent Comments