ਚੰਡੀਗੜ੍ਹ, 2 ਜਨਵਰੀ: ਜਲ ਸਪਲਾਈ ਅਤੇ ਸੈਨੀਟੇਸ਼ਨ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਆਪਣੇ ਦਫਤਰ ਵਿਚ ਇਕ ਸਮੀਖਿਆ ਮੀਟਿੰਗ ਕੀਤੀ। ਉਨ੍ਹਾਂ ਨਿਰਦੇਸ਼ ਦਿੱਤੇ ਕਿ ਪਿੰਡਾਂ ਵਿਚ ਸਾਫ ਤੇ ਸ਼ੁੱਧ ਪਾਣੀ ਦੀ ਸਪਲਾਈ ਲਈ ਜਿੰਨੇ ਵੀ ਪ੍ਰੋਜੈਕਟ ਚੱਲ ਰਹੇ ਹਨ ਉਨ੍ਹਾਂ ਨੂੰ ਸਮੇਂ ਸਿਰ ਪੂਰਾ ਕੀਤਾ ਜਾਵੇ। ਜਿੰਪਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਸੂਬੇ ਨੂੰ ‘ਰੰਗਲਾ ਪੰਜਾਬ’ ਬਣਾਉਣ ਲਈ ਯਤਨਸ਼ੀਲ ਹੈ ਅਤੇ ਇਸ ਮਕਸਦ ਲਈ ਪਿੰਡਾਂ ਨੂੰ ਸਾਰੀਆਂ ਸਹੂਲਤਾਂ ਪਹਿਲ ਦੇ ਆਧਾਰ ‘ਤੇ ਦਿੱਤੀਆਂ ਜਾਣ।
ਉਨ੍ਹਾਂ ਪੰਜਾਬ ਦੇ ਵੱਖ-ਵੱਖ ਇਲਾਕਿਆਂ ਵਿਚ ਚੱਲ ਰਹੇ ਨਹਿਰੀ ਪਾਣੀ ਪ੍ਰੋਜੈਕਟਾਂ ਵਿਚ ਤੇਜ਼ੀ ਲਿਆਉਣ ਲਈ ਕਿਹਾ। ਜਿੰਪਾ ਨੇ ਕਿਹਾ ਕਿ ਸੂਬੇ ਦੇ ਕਈ ਪਿੰਡਾਂ ਦਾ ਧਰਤੀ ਹੇਠਲਾ ਪਾਣੀ ਪੀਣਯੋਗ ਨਹੀਂ ਹੈ ਅਤੇ ਕੁਝ ਪਿੰਡ ਕੰਢੀ ਖੇਤਰ ਵਿੱਚ ਵੀ ਪੈਂਦੇ ਹਨ। ਇਸ ਲਈ ਇਨ੍ਹਾਂ ਪਿੰਡਾਂ ਵਿੱਚ ਨਹਿਰੀ ਪਾਣੀ ਦਾ ਸ਼ੁੱਧੀਕਰਨ ਕਰਕੇ ਟ੍ਰੀਟਮੈਂਟ ਪਲਾਂਟ ਤੋਂ ਪਾਣੀ ਦੀ ਸਪਲਾਈ ਦਿੱਤੀ ਜਾਵੇਗੀ। ਜਿੰਪਾ ਨੇ ਕਿਹਾ ਕਿ ਉਹ ਖੁਦ ਉਸਾਰੀ ਅਧੀਨ ਪ੍ਰੋਜੈਕਟਾਂ ਦਾ ਦੌਰਾ ਕਰਕੇ ਜ਼ਮੀਨੀ ਸਥਿਤੀ ਦਾ ਜਾਇਜ਼ਾ ਲੈਣਗੇ। ਜਿਹੜੇ ਪ੍ਰੋਜੈਕਟ ਮੁਕੰਮਲ ਹੋਣ ਦੇ ਨੇੜੇ ਹਨ, ਉਨ੍ਹਾਂ ਪ੍ਰੋਜੈਕਟਾਂ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਲਦ ਹੀ ਪੰਜਾਬ ਵਾਸੀਆਂ ਨੂੰ ਸਮਰਪਿਤ ਕਰਨਗੇ।
ਇਸ ਤੋਂ ਇਲਾਵਾ ਜਿੰਪਾ ਨੇ ਪਾਣੀ ਦੀ ਸੈਂਪਲਿੰਗ, ਸੂਬੇ ਵਿਚ ਪਾਣੀ ਪਰਖਣ ਵਾਲੀਆਂ ਲੈਬਾਂ ਦੀ ਸਥਿਤੀ ਅਤੇ ਹੋਰ ਲੋਕ ਪੱਖੀ ਮੁੱਦਿਆਂ ਬਾਬਤ ਜਾਣਕਾਰੀ ਲਈ। ਜਲ ਸਪਲਾਈ ਤੇ ਸੈਨੀਟੇਸ਼ਨ ਮੰਤਰੀ ਨੇ ਉਸਾਰੀ ਅਧੀਨ ਪ੍ਰੋਜੈਕਟਾਂ ਲਈ ਵੱਖ-ਵੱਖ ਵਿਭਾਗਾਂ ਪਾਸੋਂ ਐਨ.ਓ.ਸੀ. ਨਾਲ ਸਬੰਧਤ ਕੇਸਾਂ ਦੀ ਵੀ ਸਮੀਖਿਆ ਕੀਤੀ।
ਮੀਟਿੰਗ ਵਿੱਚ ਵਿਭਾਗ ਮੁਖੀ ਹਰਪ੍ਰੀਤ ਸੂਦਨ, ਜੇ.ਜੇ. ਗੋਇਲ, ਮੁੱਖ ਇੰਜੀਨੀਅਰ (ਪੀ.ਡੀ.ਕਿਊ.ਏ), ਆਰ. ਕੇ. ਖੋਸਲਾ, ਮੁੱਖ ਇੰਜੀਨੀਅਰ (ਸੈਂਟਰਲ), ਜੇ.ਐਸ. ਚਹਿਲ, ਮੁੱਖ ਇੰਜੀਨੀਅਰ (ਦੱਖਣ) ਅਤੇ ਜਸਬੀਰ ਸਿੰਘ ਮੁੱਖ ਇੰਜੀਨੀਅਰ (ਉੱਤਰ) ਤੇ ਵਿਭਾਗ ਦੇ ਹੋਰ ਅਧਿਕਾਰੀ ਹਾਜ਼ਰ ਸਨ।