ਭਾਜਪਾ ਅੰਗਰੇਜ਼ਾਂ ਤੋਂ ਮੁਆਫੀ ਮੰਗਣ ਵਾਲੇ ਸਾਵਰਕਰ ਨੂੰ ਆਪਣਾ ਆਈਕਨ ਮਨਦੀ ਹੈ, ਇਸ ਲਈ ਉਸ ਨੂੰ ਭਗਤ ਸਿੰਘ ਅਤੇ ਕਰਤਾਰ ਸਿੰਘ ਸਰਾਭਾ ਨਾਲ ਸਮੱਸਿਆਵਾਂ ਹਨ – ਕੰਗ
ਪਿਛਲੇ ਮੁੱਖ ਮੰਤਰੀ ਪੰਜਾਬ ਪ੍ਰਤੀ ਸੰਵੇਦਨਸ਼ੀਲ ਨਹੀਂ ਸਨ, ਪਰ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਦੇ ਸੱਭਿਆਚਾਰ ਅਤੇ ਵਿਰਸੇ ਪ੍ਰਤੀ ਚਿੰਤਤ ਹਨ – ਕੰਗ
ਚੰਡੀਗੜ੍ਹ, 28 ਦਸੰਬਰ: ਭਾਜਪਾ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਦੇ ਬਿਆਨ ‘ਤੇ ਪ੍ਰਤੀਕਿਰਿਆ ਦਿੰਦਿਆਂ ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੁੱਖ ਬੁਲਾਰੇ ਮਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਸੁਨੀਲ ਜਾਖੜ ਨੇ ਗਣਤੰਤਰ ਦਿਵਸ ਦੀ ਝਾਕੀ ਬਾਰੇ ਝੂਠ ਬੋਲਿਆ ਹੈ। ਝਾਂਕੀ ਵਿੱਚ ਕਿਤੇ ਵੀ ਮੁੱਖ ਮੰਤਰੀ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਦੀ ਫੋਟੋ ਨਹੀਂ ਹੈ।
ਜਾਖੜ ਦੇ ਇਸ ਬਿਆਨ “ਪਿਛਲੇ ਮੁੱਖ ਮੰਤਰੀਆਂ ਨੇ ਕਦੇ ਵੀ ਇਸ ‘ਤੇ ਸਵਾਲ ਨਹੀਂ ਉਠਾਏ”, ‘ਤੇ ਕੰਗ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਅਤੇ ਬਾਦਲ ਪੰਜਾਬ ਦੀ ਵਿਰਾਸਤ ਪ੍ਰਤੀ ਗੰਭੀਰ ਨਹੀਂ ਸਨ, ਪਰ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੰਜਾਬ ਦੇ ਸੱਭਿਆਚਾਰ ਅਤੇ ਵਿਰਸੇ ਦੀ ਚਿੰਤਾ ਹੈ।
ਜਾਖੜ ਦੇ ਬਿਆਨ “ਝਾਂਕੀ ਨਾਲ ਪੰਜਾਬ ਦਾ ਮਜ਼ਾਕ ਬਣ ਜਾਂਦਾ” ‘ਤੇ ਕੰਗ ਨੇ ਸਵਾਲ ਕੀਤਾ ਕਿ ਦੇਸ਼ ਲਈ ਕੁਰਬਾਨੀਆਂ ਦੇਣ ਵਾਲੇ ਸ਼ਹੀਦ ਭਗਤ ਸਿੰਘ ਅਤੇ ਕਰਤਾਰ ਸਿੰਘ ਸਰਾਭਾ ਵਰਗੇ ਸ਼ਹੀਦਾਂ ਦੀ ਝਾਂਕੀ ਦਿਖਾਉਣ ਤੇ ਮਜ਼ਾਕ ਕਿਵੇਂ ਬਣ ਜਾਂਦਾ? ਕੰਗ ਨੇ ਕਿਹਾ ਕਿ ਅੰਗਰੇਜ਼ਾਂ ਤੋਂ ਮੁਆਫੀ ਮੰਗਣ ਵਾਲੇ ਸਾਵਰਕਰ ਵਰਗੇ ਲੋਕਾਂ ਨਾਲ ਦੇਸ਼ ਦਾ ਮਜ਼ਾਕ ਬਣਦਾ ਹੈ। ਸ਼ਹੀਦ ਭਗਤ ਸਿੰਘ ਤੇ ਸਰਾਭਾ ਵਰਗੇ ਲੋਕਾਂ ਤੋਂ ਨਹੀਂ।
ਕੰਗ ਨੇ ਕਿਹਾ ਕਿ ਭਾਜਪਾ ਉਹ ਪਾਰਟੀ ਹੈ ਜੋ ਆਜ਼ਾਦੀ ਸੰਗਰਾਮ ਦੌਰਾਨ ਅੰਗਰੇਜ਼ਾਂ ਦੇ ਨਾਲ ਸੀ ਅਤੇ ਇਸ ਦੀ ਮੂਲ ਸੰਸਥਾ ਆਰਐਸਐਸ ਨੇ ਕਈ ਸਾਲਾਂ ਤੱਕ ਤਿਰੰਗੇ ਝੰਡੇ ਨੂੰ ਪ੍ਰਵਾਨ ਨਹੀਂ ਕੀਤਾ। ਸੁਨੀਲ ਜਾਖੜ ਨੂੰ ਸ਼ਾਇਦ ਇਹ ਗੱਲਾਂ ਯਾਦ ਨਹੀਂ ਹਨ ਕਿਉਂਕਿ ਉਹ ਹੁਣੇ ਭਾਜਪਾ ਵਿਚ ਸ਼ਾਮਲ ਹੋਏ ਹਨ।
ਕੰਗ ਨੇ ਕਿਹਾ ਕਿ ਇੰਨੇ ਵੱਡੇ ਸਮਾਗਮ ਵਿੱਚ ਪੰਜਾਬ ਨਾਲ ਦੋ ਵਾਰ ਵਿਤਕਰਾ ਕੀਤਾ ਗਿਆ, ਜਦਕਿ ਦੇਸ਼ ਲਈ ਸਭ ਤੋਂ ਵੱਧ ਸ਼ਹੀਦੀਆਂ ਪੰਜਾਬੀਆਂ ਨੇ ਦਿੱਤੀਆਂ ਹਨ। ਦੇਸ਼ ਦੀ ਆਜ਼ਾਦੀ ਲਈ ਅਤੇ ਆਜ਼ਾਦੀ ਤੋਂ ਬਾਅਦ ਵੀ। ਫਿਰ ਵੀ ਪੰਜਾਬ ਨਾਲ ਵਿਤਕਰਾ ਦੱਸਦਾ ਹੈ ਕਿ ਭਾਜਪਾ ਦੀ ਅਸਲ ਮਨਸ਼ਾ ਕੀ ਹੈ।
ਕੰਗ ਨੇ ਦੱਸਿਆ ਕਿ ਇਸ ਵਾਰ ਦੀ ਝਾਂਕੀ ਬਿਲਕੁਲ ਵੱਖਰੀ ਸੀ। ਇਕ ਔਰਤ ਸ਼ਕਤੀ ਦੇ ਰੂਪ ਵਿਚ ਮਾਈ ਭਾਗੋ ਦਾ ਸੰਕਲਪ ਸੀ। ਦੂਜਾ ਪੰਜਾਬ ਦੇ ਸੱਭਿਆਚਾਰ ਨਾਲ ਸਬੰਧਤ ਸੀ ਅਤੇ ਤੀਜਾ ਸ਼ਹੀਦਾਂ ’ਤੇ ਸੀ। ਕੰਗ ਨੇ ਕਿਹਾ ਕਿ ਦੇਸ਼ ਨੂੰ ਪੰਜਾਬ ਅਤੇ ਸ਼ਹੀਦ ਭਗਤ ਸਿੰਘ ਅਤੇ ਕਰਤਾਰ ਸਿੰਘ ਸਰਾਭਾ ਵਰਗੇ ਮਹਾਨ ਆਜ਼ਾਦੀ ਘੁਲਾਟੀਆਂ ‘ਤੇ ਮਾਣ ਹੈ ਪਰ ਭਾਜਪਾ ਨੂੰ ਨਹੀਂ ਹੈ ਕਿਉਂਕਿ ਭਾਜਪਾ ਦੇ ਆਈਕਨ ਭਗਤ ਸਿੰਘ ਵਰਗੇ ਲੋਕ ਨਹੀਂ ਸਗੋਂ ਮਾਫੀ ਵੀਰ ਸਾਵਰਕਰ ਵਰਗੇ ਲੋਕ ਹਨ।