ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਦਿੱਲੀ ਵਿਚ ਪੰਥਕ ਏਕਾ ਹੋਇਆ, ਹੁਣ ਪੰਜਾਬ ’ਚ ਵੀ ਇਹ ਕਰਨ ਦੀ ਅਪੀਲ
ਚੰਡੀਗੜ੍ਹ, 25 ਦਸੰਬਰ: ਇਕ ਇਤਿਹਾਸਕ ਘਟਨਾਕ੍ਰਮ ਵਿਚ ਦਿੱਲੀ ਵਿਚ ਪੰਥਕ ਏਕਤਾ ਉਦੋਂ ਮੁਕੰਮਲ ਹੋ ਗਈ ਜਦੋਂ ਸੀਲੀਅਰ ਅਕਾਲੀ ਆਗੂ ਸਰਦਾਰ ਮਨਜੀਤ ਸਿੰਘ ਜੀ.ਕੇ. ਅੱਜ ਆਪਣੀ ਸਾਰੀ ਜਾਗੋ ਟੀਮ ਦੇ ਨਾਲ ਮੁੜ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋ ਗਏ ਤੇ ਉਹਨਾਂ ਕੌਮੀ ਰਾਜਧਾਨੀ ਵਿਚ ਅਕਾਲੀ ਦਲ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਦੇ ਨਾਲ ਰਲ ਕੇ ਪਾਰਟੀ ਦੀ ਮਜ਼ਬੂਤੀ ਵਾਸਤੇ ਕੰਮ ਕਰਨ ਤੇ ਨਾਲ ਹੀ ਸਾਰੇ ਲਟਕਦੇ ਪੰਥਕ ਮਸਲੇ ਹੱਲ ਕਰਵਾਉਣ ਵਾਸਤੇ ਕੰਮ ਕਰਨ ਦਾ ਅਹਿਦ ਲਿਆ।
ਇਹ ਘਟਨਾਕ੍ਰਮ ਉਦੋਂ ਵਾਪਰਿਆ ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਅੱਜ ਦਿੱਲੀ ਵਿਚ ਅਕਾਲੀ ਦਲ ਦੀ ਇਕਾਈ ਦੇ ਪ੍ਰਧਾਨ ਤੇ ਸੀਨੀਅਰ ਲੀਡਰਸ਼ਿਪ ਨਾਲ ਸਰਦਾਰ ਮਨਜੀਤ ਸਿੰਘ ਜੀ.ਕੇ. ਦੀ ਰਿਹਾਇਸ਼ ’ਤੇ ਪਹੁੰਚੇ।
ਇਸ ਤੋਂ ਪਹਿਲਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਤੇ ਸਾਬਕਾ ਕੌਂਸਲਰ ਸਰਦਾਰ ਪਰਮਜੀਤ ਸਿੰਘ ਰਾਣਾ ਵੀ ਅਕਾਲੀ ਦਲ ਵਿਚ ਸ਼ਾਮਲ ਹੋ ਗਏ।
ਸਰਦਾਰ ਮਨਜੀਤ ਸਿੰਘ ਜੀ.ਕੇ. ਨੇ ਕਿਹਾ ਕਿ ਅਕਾਲੀ ਦਲ ਨੇ ਪੰਥਕ ਏਕਤਾ ਵਾਸਤੇ ਉਹਨਾਂ ਦੀ ਰਿਹਾਇਸ਼ ’ਤੇ ਆ ਕੇ ਵੱਡਾ ਦਿਲ ਵਿਖਾਇਆ ਹੈ ਤੇ ਉਹਨਾਂ ਐਲਾਨ ਕੀਤਾ ਕਿ ਉਹ ਬਿਨਾਂ ਸ਼ਰਤ ਆਪਣੀ ਜਾਗੋ ਪਾਰਟੀ ਟੀਮ ਸਮੇਤ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋ ਰਹੇ ਹਨ।
ਉਹਨਾਂ ਜ਼ੋਰ ਦੇ ਕੇ ਕਿਹਾ ਕਿ ਉਹ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ’ਤੇ ਦਿਲੋਂ ਮੰਗੀ ਮੁਆਫੀ ਤੋਂ ਬਹੁਤ ਪ੍ਰਭਾਵਤ ਹਨ। ਉਹਨਾਂ ਕਿਹਾ ਕਿ ਏਕਤਾ ਸਮੇਂ ਦੀ ਲੋੜ ਹੈ ਤੇ ਇਹ ਬੰਦੀ ਸਿੰਘਾਂ ਦੀ ਰਿਹਾਈ ਸਮੇਤ ਸਾਰੇ ਲਟਕਦੇ ਮਸਲਿਆਂ ਜਿਵੇਂ ਧਾਰਾ 25 (ਉਪ ਧਾਰਾ 2 ਬੀ) ਵਿਚ ਸੋਧ, ਸ੍ਰੀ ਗਿਆਨ ਗੋਦੜੀ ਸਾਹਿਬ ਤੇ ਸ੍ਰੀ ਡੋਂਗਮਾਰ ਸਾਹਿਬ ਗੁਰਦੁਆਰਾ ਸਾਹਿਬ ਦਾ ਮੁੜ ਨਿਰਮਾਣ, ਸ਼੍ਰੋਮਣੀ ਕਮੇਟੀ ਮਾਮਲਿਆਂ ਵਿਚ ਦਖਲ ਬੰਦ ਕਰਨ ਤੇ ਪੰਜਾਬ ਦੇ ਚੰਡੀਗੜ੍ਹ ’ਤੇ ਹੱਕ ਨੂੰ ਖੋਰਾ ਲਾਉਣ ਆਦਿ ਦੇ ਹੱਲ ਵਾਸਤੇ ਇਸਦੀ ਬਹੁਤ ਜ਼ਰੂਰਤ ਹੈ।
ਉਹਨਾਂ ਨੇ ਇਹ ਵੀ ਕਿਹਾ ਕਿ ਕੇਂਦਰ ਸਰਕਾਰ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ’ਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਕੀਤੇ ਇਕਰਾਰ ਤੋਂ ਵਾਪਸ ਭੱਜ ਰਹੀ ਹੈ ਤੇ ਉਹਨਾਂ ਨੇ ਸਰਕਾਰ ’ਤੇ ਦੋਸ਼ ਲਾਏ ਕਿ ਉਹ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਰਿਹਾਈ ਤੋਂ ਇਨਕਾਰ ਕਰ ਕੇ ਅਤੇ ਬਿਲਕਿਸ ਬਾਨੋ ਨਾਲ ਜਬਰ ਜਨਾਹ ਕਰਨ ਵਾਲਿਆਂ ਨੂੰ ਰਿਹਾਅ ਕਰ ਕੇ ਦੋਗਲੇ ਮਾਪਦੰਡ ਅਪਣਾ ਰਹੀ ਹੈ।
ਇਸ ਮੌਕੇ ਸੰਬੋਧਨ ਕਰਦਿਆਂ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਸ੍ਰੀ ਜੀ ਕੇ ਦਾ ਮੁੜ ਪਾਰਟੀ ਵਿਚ ਸ਼ਾਮਲ ਹੋਣ ’ਤੇ ਸਵਾਗਤ ਕੀਤਾ ਤੇ ਕਿਹਾ ਕਿ ਮੇਰੀ ਇਹ ਇੱਛਾ ਹੈ ਕਿ ਪੰਥਕ ਏਕਤਾ ਹੋਵੇ ਤੇ ਇਹ ਬਹੁਤ ਖੁਸ਼ੀ ਵਾਲੀ ਗੱਲ ਹੈ ਕਿ ਦਿੱਲੀ ਵਿਚ ਏਕਤਾ ਹੋ ਗਈ ਹੈ।
ਉਹਨਾਂ ਨੇ ਸ੍ਰੀ ਜੀ.ਕੇ. ਦੇ ਪਿਤਾ ਜਥੇਦਾਰ ਸੰਤੋਖ ਸਿੰਘ ਵੱਲੋ਼ ਪੰਥ ਲਈ ਪਾਏ ਯੋਗਦਾਨ ਤੇ ਉਹਨਾਂ ਦੀ ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨਾਲ ਨੇੜਤਾ ਦਾ ਜ਼ਿਕਰ ਵੀ ਕੀਤਾ। ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਦਿੱਲੀ ਵਿਚ ਸਾਰੀਆਂ ਪੰਥਕ ਧਿਰਾਂ ਇਕ ਹੋ ਗਈਆਂ ਹਨ ਤੇ ਉਹ ਪੰਜਾਬ ਵਿਚ ਵੀ ਏਕਤਾ ਕਰਵਾਉਣ ਲਈ ਯਤਨਸ਼ੀਲ ਹਨ। ਉਹਨਾਂ ਕਿਹਾ ਕਿ ਕੁਝ ਲੋਕ ਪਹਿਲਾਂ ਹੀ ਅਕਾਲੀ ਦਲ ਵਿਚ ਵਾਪਸ ਆ ਗਏ ਹਨ ਤੇ ਮੈਂ ਉਹਨਾਂ ਨੂੰ ਵੀ ਮੁੜ ਅਪੀਲ ਕਰਦਾ ਹਾਂ ਜੋ ਆਪਣੀ ਮਾਂ ਪਾਰਟੀ ਛੱਡ ਗਏ ਹਨ ਕਿ ਵਾਪਸ ਪਾਰਟੀ ਵਿਚ ਸ਼ਾਮਲ ਹੋਣ।
ਸਰਦਾਰ ਬਾਦਲ ਨੇ ਇਹ ਵੀ ਦੱਸਿਆ ਕਿ ਕਿਵੇਂ ਦੇਸ਼ ਵਿਚ ਦੋ ਤਰੀਕੇ ਦੇ ਕਾਨੂੰਨ ਲਾਗੂ ਕੀਤੇਜਾ ਰਹੇ ਹਨ ਤੇ ਸਿੱਖਾਂ ਨੂੰ ਹਾਲੇ ਤੱਕ ਇਨਸਾਫ ਨਹੀਂ ਮਿਲ ਰਿਹਾ ਭਾਵੇਂ ਕਿ ਦਿੱਲੀ ਵਿਚ ਸਿੱਖਾਂ ਦੇ ਕਤਲੇਆਮ ਨੂੰ ਹੋੲ ਨੂੰ 40 ਸਾਲ ਤੋਂ ਜ਼ਿਆਦਾ ਬੀਤ ਗਏ ਹਨ। ਉਹਨਾਂ ਕਿਹਾ ਕਿ ਜੇਕਰ ਅਸੀਂ ਸਾਰੇ ਇਕਜੁੱਟ ਹੋ ਗਏ ਤਾਂ ਕੌਮ ਨੂੰ ਦਰਪੇਸ਼ ਸਾਰੇ ਮਸਲੇ ਹੱਲ ਹੋ ਜਾਣਗੇ।
ਦਿੱਲੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਪਰਮਜੀਤ ਸਿੰਘ ਸਰਨਾ ਨੇ ਸ੍ਰੀ ਜੀ ਕੇ ਦਾ ਪਾਰਟੀ ਵਿਚ ਮੁੜ ਸ਼ਾਮਲ ਹੋਣ ’ਤੇ ਸਵਾਗਤ ਕਰਦਿਆਂ ਕਿਹਾ ਕਿ ਜੇਕਰ ਸਿੱਖ ਕੌਮ ਇਕਜੁੱਟ ਨਾ ਹੋਈ ਤਾਂ ਇਤਿਹਾਸ ਕਦੇ ਸਾਨੂੰ ਮੁਆਫ ਨਹੀਂ ਕਰੇਗਾ ਤੇ ਸਾਨੂੰ ਵਿਤਕਰੇ ਵੀ ਝੱਲਣੇ ਪੈਣਗੇ।
ਸਰਦਾਰ ਸਰਨਾ ਨੇ ਇਹ ਵੀ ਸਪਸ਼ਟ ਕੀਤਾ ਕਿ ਅਕਾਲੀ ਦਲ ਦੇ ਪ੍ਰਧਾਨ ਨੇ ਦੋ ਵਾਰ ਸਿੱਖ ਕੌਮ ਤੋਂ ਮੁਆਫੀ ਮੰਗੀ ਹੈ। ਪਹਿਲੀ ਵਾਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਭੋਗ ’ਤੇ ਮੁਆਫੀ ਮੰਗੀ ਤੇ ਹੁਣ ਸ੍ਰੀ ਅਕਾਲ ਤਖਤ ਸਾਹਿਬ ’ਤੇ ਮੁਆਫੀ ਮੰਗੀ ਹੈ। ਉਹਨਾਂ ਕਿਹਾ ਕਿ ਮੁਆਫੀ ਮੰਗਣ ਦੇ ਤਰੀਕੇ ’ਤੇ ਕਿੰਤੂ ਕਰਨ ਦਾ ਹੁਣ ਕੋਈ ਸਵਾਲ ਹੀ ਨਹੀਂ ਰਹਿ ਗਿਆ।
ਇਸ ਮੌਕੇ ਸੀਨੀਅਰ ਆਗੂ ਸਰਦਾਰ ਬਲਵਿੰਦਰ ਸਿੰਘ ਭੂੰਦੜ ਤੇ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਵੀ ਹਾਜ਼ਰ ਸਨ ਤੇ ਉਹਨਾਂ ਜ਼ੋਰ ਦੇ ਕੇ ਕਿਹਾ ਕਿ ਸਾਰੀ ਸਿੱਖ ਕੌਮ ਜਲਦੀ ਹੀ ਅਕਾਲੀ ਦਲ ਦੇ ਨਾਲ ਹੋਵੇਗੀ।